06.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਬਾਗਵਾਨ ਹੈ, ਇਸ ਬਾਗਵਾਨ ਦੇ ਕੋਲ ਤੁਹਾਨੂੰ ਮਾਲੀਆਂ ਨੂੰ ਬਹੁਤ ਵਧੀਆ - ਵਧੀਆ ਖੁਸ਼ਬੂਦਾਰ ਫੁੱਲ ਲਿਆਉਣੇ ਹਨ, ਇਵੇਂ ਦਾ ਫੁੱਲ ਨਾ ਲਿਆਵੋ ਜਿਹੜਾ ਮੁਰਝਾਇਆ ਹੋਇਆ ਹੋਵੇ"

ਪ੍ਰਸ਼ਨ:-
ਬਾਪ ਦੀ ਨਜ਼ਰ ਕਿਹੜੇ ਬੱਚਿਆਂ ਤੇ ਪੈਂਦੀ ਹੈ, ਕਿੰਨ੍ਹਾ ਤੇ ਨਹੀਂ ਪੈਂਦੀ ਹੈ?

ਉੱਤਰ:-
ਜਿਹੜੇ ਚੰਗੀ ਖਸ਼ਬੂ ਦੇਣ ਵਾਲੇ ਫੁੱਲ ਹਨ, ਕਈ ਕੰਡਿਆਂ ਨੂੰ ਫੁੱਲ ਬਣਾਉਣ ਦੀ ਸਰਵਿਸ ਕਰਦੇ ਹਨ, ਉਨ੍ਹਾਂ ਨੂੰ ਵੇਖ - ਵੇਖ ਬਾਪ ਖ਼ੁਸ਼ ਹੁੰਦਾ ਹੈ। ਉਨ੍ਹਾਂ ਤੇ ਹੀ ਬਾਪ ਦੀ ਨਜ਼ਰ ਜਾਂਦੀ ਹੈ ਅਤੇ ਜਿਨ੍ਹਾਂ ਦੀ ਸੋਚ ਗੰਦੀ ਹੈ, ਅੱਖਾਂ ਧੋਖਾ ਦਿੰਦੀਆਂ ਹਨ ਉਨ੍ਹਾਂ ਤੇ ਬਾਪ ਦੀ ਨਜ਼ਰ ਨਹੀਂ ਪੈਂਦੀ। ਬਾਪ ਤਾਂ ਕਹਿਣਗੇ ਬੱਚੇ ਫੁੱਲ ਬਣ ਕਈਆਂ ਨੂੰ ਫੁੱਲ ਬਣਾਓ ਫ਼ਿਰ ਹੁਸ਼ਿਆਰ ਮਾਲੀ ਕਹੇ ਜਾਣਗੇ।

ਓਮ ਸ਼ਾਂਤੀ
ਬਾਪ ਬਾਗਵਾਨ ਬੈਠ ਆਪਣੇ ਫੁੱਲਾਂ ਨੂੰ ਵੇਖਦੇ ਹਨ ਕਿਉਂਕਿ ਸਾਰਿਆਂ ਸੈਂਟਰਾਂ ਤੇ ਤਾਂ ਫੁੱਲ ਅਤੇ ਮਾਲੀ ਹਨ, ਇੱਥੇ ਤੁਸੀਂ ਬਾਗਵਾਨ ਦੇ ਕੋਲ ਆਉਂਦੇ ਹੋ ਆਪਣੀ ਖਸ਼ਬੂ ਦੇਣ ਲਈ। ਤੁਸੀਂ ਫੁੱਲ ਹੋ ਨਾ। ਤੁਸੀਂ ਵੀ ਜਾਣਦੇ ਹੋ, ਬਾਪ ਵੀ ਜਾਣਦੇ ਹਨ - ਕੰਡਿਆਂ ਦੇ ਜੰਗਲ ਦਾ ਬੀਜ਼ਰੂਪ ਹੈ ਰਾਵਣ। ਉਵੇਂ ਤਾਂ ਸਾਰੇ ਝਾੜ ਦਾ ਬੀਜ਼ ਇੱਕ ਹੀ ਹੈ ਪਰੰਤੂ ਫੁੱਲਾਂ ਦੇ ਬਗੀਚੇ ਤੋਂ ਫ਼ਿਰ ਕੰਡਿਆਂ ਦਾ ਜੰਗਲ ਬਣਾਉਣ ਵਾਲਾ ਵੀ ਜ਼ਰੂਰ ਹੋਵੇਗਾ। ਉਹ ਹੈ ਰਾਵਣ। ਤਾਂ ਜੱਜ ਕਰੋ ਬਾਪ ਠੀਕ ਸਮਝਾਉਂਦੇ ਹਨ ਨਾ। ਦੇਵਤਾਵਾਂ ਰੂਪੀ ਫੁੱਲਾਂ ਦੇ ਬਗੀਚੇ ਦਾ ਬੀਜ਼ਰੂਪ ਹੈ ਬਾਪ। ਤੁਸੀਂ ਹੁਣ ਦੇਵੀ - ਦੇਵਤਾ ਬਣ ਰਹੇ ਹੋ ਨਾ। ਇਹ ਤਾਂ ਹਰੇਕ ਜਾਣਦਾ ਹੈ ਕਿ ਮੈਂ ਕਿਸ ਕਿਸਮ ਦਾ ਫੁੱਲ ਹਾਂ। ਬਾਗਵਾਨ ਵੀ ਇੱਥੇ ਹੀ ਆਉਂਦੇ ਹਨ ਫੁੱਲਾਂ ਨੂੰ ਵੇਖਣ। ਉਹ ਤਾਂ ਸਾਰੇ ਹਨ ਮਾਲੀ। ਉਹ ਵੀ ਕਈਆਂ ਤਰ੍ਹਾਂ ਦੇ ਮਾਲੀ ਹਨ। ਉਸ ਬਗੀਚੇ ਦੇ ਵੀ ਵੱਖ - ਵੱਖ ਤਰ੍ਹਾਂ ਦੇ ਮਾਲੀ ਹੁੰਦੇ ਹਨ ਨਾ। ਕਿਸੇ ਦੀ 500 ਰੁਪਏ ਤਨਖ਼ਾਹ ਹੁੰਦੀ, ਕਿਸੇ ਦੀ 1000, ਕਿਸੇ ਦੀ 2000 ਰੁਪਏ। ਜਿਵੇਂ ਮੁਗ਼ਲ ਗਾਰਡਨ ਦਾ ਮਾਲੀ ਜ਼ਰੂਰ ਬਹੁਤ ਲਾਇਕ ਹੋਵੇਗਾ। ਉਸਦੀ ਤਨਖ਼ਾਹ ਵੀ ਜ਼ਿਆਦਾ ਹੋਵੇਗੀ। ਇਹ ਤਾਂ ਬੇਹੱਦ ਦਾ ਵੱਡਾ ਬਗ਼ੀਚਾ ਹੈ ਇਸ ਵਿੱਚ ਵੀ ਕਈ ਕਿਸਮ ਦੇ ਨੰਬਰਵਾਰ ਮਾਲੀ ਹਨ। ਜੋ ਬਹੁਤ ਵਧੀਆ ਮਾਲੀ ਹੁੰਦੇ ਹਨ ਉਹ ਬਗੀਚੇ ਨੂੰ ਬਹੁਤ ਚੰਗਾ ਸ਼ੋਭਾ ਵਾਲਾ ਬਣਾ ਦਿੰਦੇ ਹਨ, ਵਧੀਆ ਫੁੱਲ ਲਗਾਉਂਦੇ ਹਨ। ਗੌਰਮਿੰਟ ਹਾਉਸ ਦਾ ਮੁਗ਼ਲ ਗਾਰਡਨ ਕਿੰਨਾ ਵਧੀਆ ਹੈ। ਇਹ ਹੈ ਬੇਹੱਦ ਦਾ ਬਗੀਚਾ। ਇੱਕ ਹੈ ਬਾਗਵਾਨ। ਹੁਣ ਕੰਡਿਆਂ ਦੇ ਬਗੀਚੇ ਦਾ ਬੀਜ਼ ਹੈ ਰਾਵਣ ਅਤੇ ਫੁੱਲਾਂ ਦੇ ਬਗੀਚੇ ਦਾ ਬੀਜ਼ ਹੈ ਸ਼ਿਵਬਾਬਾ। ਵਰਸਾ ਮਿਲਦਾ ਹੈ ਬਾਪ ਤੋਂ। ਰਾਵਣ ਤੋਂ ਵਰਸਾ ਨਹੀਂ ਮਿਲਦਾ। ਉਹ ਜਿਵੇਂ ਸ਼ਰਾਪ ਦਿੰਦਾ ਹੈ। ਜਦੋਂ ਸ਼ਰਾਪਿਤ ਹੁੰਦੇ ਹਾਂ ਤਾਂ ਜੋ ਸੁੱਖ ਦੇਣ ਵਾਲਾ ਹੈ ਉਸਨੂੰ ਸਭ ਯਾਦ ਕਰਦੇ ਹਨ ਕਿਉਂਕਿ ਉਹ ਹੈ ਸੁੱਖ ਦਾਤਾ, ਸਦਾ ਸੁੱਖ ਦੇਣ ਵਾਲਾ। ਮਾਲੀ ਵੀ ਵੱਖ - ਵੱਖ ਤਰਾਂ ਦੇ ਹਨ, ਬਾਗਵਾਨ ਆਕੇ ਮਾਲੀਆਂ ਨੂੰ ਵੀ ਵੇਖਦੇ ਹਨ ਕਿ ਕਿਵੇਂ ਦਾ ਛੋਟਾ- ਮੋਟਾ ਬਗੀਚਾ ਬਣਾਉਂਦੇ ਹਨ। ਕਿਹੜੇ - ਕਿਹੜੇ ਫੁੱਲ ਹਨ, ਇਹ ਵੀ ਖ਼ਿਆਲ ਵਿੱਚ ਲਿਆਉਂਦੇ ਹਨ। ਕਦੇ - ਕਦੇ ਬਹੁਤ ਚੰਗੇ - ਚੰਗੇ ਮਾਲੀ ਵੀ ਆਉਂਦੇ ਹਨ, ਉਨਾਂ ਦੇ ਫੁੱਲਾਂ ਦੀ ਸਜਾਵਟ ਵੀ ਅਕਸਰ ਕਰਕੇ ਵਧੀਆ ਹੋ ਜਾਂਦੀ ਹੈ। ਤਾਂ ਬਾਗਵਾਨ ਨੂੰ ਵੀ ਖੁਸ਼ੀ ਹੁੰਦੀ ਹੈ - ਓਹੋ! ਇਹ ਮਾਲੀ ਤੇ ਬੜਾ ਵਧੀਆ ਹੈ, ਫੁੱਲ ਵੀ ਚੰਗੇ - ਚੰਗੇ ਲਿਆਂਦੇ ਹਨ। ਇਹ ਹੈ ਬੇਹੱਦ ਦਾ ਬਾਪ ਅਤੇ ਉਨ੍ਹਾਂ ਦੀਆਂ ਹਨ ਬੇਹੱਦ ਦੀਆਂ ਗੱਲਾਂ। ਤੁਸੀਂ ਬੱਚੇ ਸਮਝਦੇ ਹੋ ਬਾਬਾ ਬਿਲਕੁੱਲ ਸੱਚ ਕਹਿੰਦੇ ਹਨ। ਅੱਧਾਕਲਪ ਚਲਦਾ ਹੈ ਰਾਵਣ ਰਾਜ। ਫੁੱਲਾਂ ਦੇ ਬਗੀਚੇ ਨੂੰ ਕੰਡਿਆਂ ਦਾ ਜੰਗਲ ਰਾਵਣ ਬਣਾ ਦਿੰਦਾ ਹੈ। ਜੰਗਲ ਵਿੱਚ ਕੰਢੇ ਹੀ ਕੰਢੇ ਹੁੰਦੇ ਹਨ। ਬਹੁਤ ਦੁੱਖ ਦਿੰਦੇ ਹਨ। ਬਗੀਚੇ ਦੇ ਵਿੱਚ ਕੰਢੇ ਥੋੜ੍ਹੀ ਨਾ ਹੁੰਦੇ ਹਨ, ਇੱਕ ਵੀ ਨਹੀਂ। ਬੱਚੇ ਜਾਣਦੇ ਹਨ। ਰਾਵਣ ਦੇਹ - ਅਭਿਮਾਨ ਵਿੱਚ ਲੈ ਆਉਂਦਾ ਹੈ। ਵੱਡੇ ਤੋਂ ਵੱਡਾ ਕੰਡਾ ਹੈ ਦੇਹ - ਅਭਿਮਾਨ।

ਬਾਬਾ ਨੇ ਰਾਤ ਨੂੰ ਵੀ ਸਮਝਾਇਆ ਕਈਆਂ ਦੀ ਨਜ਼ਰ ਕਾਮੀ ਰਹਿੰਦੀ ਹੈ, ਅਤੇ ਕਈਆਂ ਦੀ ਸੈਮੀ ਕਾਮੀ ਦ੍ਰਿਸ਼ਟੀ ਹੈ। ਕਈ ਨਵੇਂ - ਨਵੇਂ ਵੀ ਆਉਂਦੇ ਹਨ ਜੋ ਪਹਿਲੋਂ ਚੰਗਾ - ਚੰਗਾ ਚਲਦੇ ਹਨ, ਸਮਝਦੇ ਹਨ ਵਿਕਾਰ ਵਿੱਚ ਕਦੇ ਨਹੀਂ ਜਾਵਾਂਗੇ, ਪਵਿੱਤਰ ਰਹਾਂਗੇ। ਉਸ ਵੇਲੇ ਸ਼ਮਸ਼ਾਨੀ ਵੈਰਾਗ ਆਉਂਦਾ ਹੈ। ਫਿਰ ਉਥੇ ( ਘਰ ਵਿੱਚ) ਜਾਂਦੇ ਹਨ ਤਾਂ ਖਰਾਬ ਹੋ ਜਾਂਦੇ ਹਨ। ਦ੍ਰਿਸ਼ਟੀ ਗੰਦੀ ਹੋ ਜਾਂਦੀ ਹੈ। ਇਥੇ ਜਿੰਨ੍ਹਾਂ ਨੂੰ ਚੰਗਾ - ਚੰਗਾ ਫੁੱਲ ਸਮਝ ਬਾਗਵਾਨ ਦੇ ਕੋਲ ਲੈ ਆਉਂਦੇ ਹਨ ਕਿ ਬਾਬਾ ਇਹ ਬਹੁਤ ਵਧੀਆ ਫੁੱਲ ਹੈ, ਕੋਈ - ਕੋਈ ਮਾਲੀ ਕੰਨ ਵਿੱਚ ਆਕੇ ਦਸਦੇ ਹਨ ਕਿ ਇਹ ਫਲਾਣਾ ਫੁੱਲ ਹੈ। ਮਾਲੀ ਤਾਂ ਜ਼ਰੂਰ ਦੱਸਣਗੇ ਨਾ। ਇਵੇਂ ਨਹੀਂ ਕਿ ਬਾਬਾ ਅੰਤਰਯਾਮੀ ਹੈ, ਮਾਲੀ ਹਰ ਇੱਕ ਦੀ ਚਾਲ - ਚਲਣ ਦੱਸਦੇ ਹਨ ਕਿ ਬਾਬਾ ਇਨ੍ਹਾਂ ਦੀ ਦ੍ਰਿਸ਼ਟੀ ਚੰਗੀ ਨਹੀਂ ਹੈ, ਇਨ੍ਹਾਂ ਦੀ ਚਲਣ ਰਾਇਲ ਨਹੀਂ ਹੈ, ਇਨ੍ਹਾਂਦੀ 10 - 20 ਪ੍ਰਤੀਸ਼ਤ ਸੁਧਰੀ ਹੈ। ਮੂਲ ਹਨ ਅੱਖਾਂ, ਜੋ ਬਹੁਤ ਧੋਖਾ ਦਿੰਦਿਆਂ ਹਨ। ਮਾਲੀ ਆਕੇ ਬਾਗਵਾਨ ਨੂੰ ਸਭ ਕੁੱਝ ਦੱਸਣਗੇ। ਬਾਬਾ ਇੱਕ - ਇੱਕ ਨੂੰ ਪੁੱਛਦੇ ਹਨ ਦੱਸੋ ਤੁਸੀਂ ਕਿਵੇਂ ਦੇ ਫੁੱਲ ਲਿਆਂਦੇ ਹਨ? ਕੋਈ ਗੁਲਾਬ ਦੇ ਫੁੱਲ ਹੁੰਦੇ ਹਨ, ਕੋਈ ਮੋਤੀਏ ਦੇ, ਕੋਈ ਅੱਕ ਦੇ ਵੀ ਲੈ ਆਉਂਦੇ ਹਨ। ਇਥੇ ਬਹੁਤ ਖ਼ਬਰਦਾਰ ਰਹਿੰਦੇ ਹਨ। ਜੰਗਲ ਵਿੱਚ ਜਾਂਦੇ ਹਨ ਤਾਂ ਫਿਰ ਮੁਰਝਾ ਜਾਂਦੇ ਹਨ। ਬਾਬਾ ਵੇਖਦੇ ਹਨ ਕਿ ਇਹ ਕਿਸ ਤਰ੍ਹਾਂ ਦੇ ਫੁੱਲ ਹਨ। ਮਾਇਆ ਵੀ ਇਵੇਂ ਦੀ ਹੈ ਜੋ ਮਾਲੀਆਂ ਨੂੰ ਵੀ ਬੜਾ ਜ਼ੋਰ ਨਾਲ ਥੱਪੜ ਮਾਰ ਦਿੰਦੀ ਹੈ, ਜੋ ਮਾਲੀ ਵੀ ਕੰਡੇ ਬਣ ਜਾਂਦੇ ਹਨ। ਬਾਗਵਾਨ ਆਉਂਦੇ ਹਨ ਤਾਂ ਪਹਿਲੋਂ - ਪਹਿਲੋਂ ਬਗੀਚੇ ਨੂੰ ਵੇਖਦੇ ਹਨ, ਫ਼ਿਰ ਬਾਪ ਬੈਠ ਉਨ੍ਹਾਂ ਨੂੰ ਸ਼ਿੰਗਾਰਦੇ ਹਨ। ਬੱਚੇ, ਖ਼ਬਰਦਾਰ ਰਹੋ, ਕਮੀਆਂ ਕੱਡਦੇ ਜਾਵੋ, ਨਹੀਂ ਤਾਂ ਫ਼ਿਰ ਬਹੁਤ ਪਛਤਾਵੋਗੇ। ਬਾਬਾ ਆਏ ਹਨ ਲਕਸ਼ਮੀ - ਨਾਰਾਇਣ ਬਣਾਉਣ, ਉਸਦੇ ਬਦਲੇ ਅਸੀਂ ਨੌਕਰ ਬਣੀਏ! ਆਪਣੀ ਜਾਂਚ ਕੀਤੀ ਜਾਂਦੀ ਹੈ, ਅਸੀਂ ਇਵੇਂ ਦੇ ਉੱਚ ਲਾਇਕ ਬਣਦੇ ਹਾਂ? ਇਹ ਤਾਂ ਜਾਣਦੇ ਹੋ ਕੰਡਿਆਂ ਦੇ ਜੰਗਲ ਦਾ ਬੀਜ਼ ਰਾਵਣ ਹੈ, ਫੁੱਲਾਂ ਦੇ ਬਗੀਚੇ ਦਾ ਬੀਜ਼ ਹੈ ਰਾਮ। ਇਹ ਸਭ ਗੱਲਾਂ ਬਾਪ ਬੈਠ ਦੱਸਦੇ ਹਨ। ਬਾਬਾ ਫ਼ਿਰ ਵੀ ਸਕੂਲ ਦੀ ਪੜ੍ਹਾਈ ਦੀ ਮਹਿਮਾ ਕਰਦੇ ਹਨ, ਉਹ ਪੜ੍ਹਾਈ ਫ਼ਿਰ ਵੀ ਚੰਗੀ ਹੈ, ਕਿਉਂਕਿ ਉਸ ਵਿੱਚ ਸੋਰਸ ਆਫ਼ ਇਨਕਮ ਹੈ। ਏਮ ਆਬਜੈਕਟ ਵੀ ਹੈ। ਇਹ ਵੀ ਪਾਠਸ਼ਾਲਾ ਹੈ, ਇਸ ਵਿੱਚ ਏਮ ਆਬਜੈਕਟ ਹੈ। ਫ਼ਿਰ ਕਿਧਰੇ ਵੀ ਇਹ ਏਮ ਆਬਜੈਕਟ ਹੁੰਦੀ ਨਹੀਂ ਹੈ। ਤੁਹਾਡਾ ਇੱਕ ਹੀ ਏਮ ਹੈ ਨਰ ਤੋਂ ਨਾਰਾਇਣ ਬਣਨ ਦਾ। ਭਗਤੀ ਮਾਰਗ ਵਿੱਚ ਸੱਤ ਨਾਰਾਇਣ ਦੀ ਕਥਾ ਬਹੁਤ - ਬਹੁਤ ਸੁਣਦੇ ਹਨ, ਹਰ ਮਹੀਨੇ ਬ੍ਰਾਹਮਣ ਨੂੰ ਬੁਲਾਉਂਦੇ ਹਨ, ਬ੍ਰਾਹਮਣ ਗੀਤਾ ਸੁਣਾਉਂਦੇ ਹਨ। ਅੱਜਕਲ ਤਾਂ ਗੀਤਾ ਸਾਰੇ ਸੁਣਾਉਂਦੇ ਹਨ, ਸੱਚਾ - ਸੱਚਾ ਬ੍ਰਾਹਮਣ ਤਾਂ ਕੋਈ ਹੈ ਨਹੀਂ। ਤੁਸੀਂ ਹੋ ਸੱਚੇ - ਸੱਚੇ ਬ੍ਰਾਹਮਣ। ਸੱਚੇ ਬਾਪ ਦੇ ਬੱਚੇ ਹੋ। ਤੁਸੀਂ ਸੱਚੀ - ਸੱਚੀ ਕਥਾ ਸੁਣਾਉਂਦੇ ਹੋ। ਸੱਤ ਨਾਰਾਇਣ ਦੀ ਕਹਾਣੀ ਵੀ ਹੈ, ਅਮਰਕਥਾ ਵੀ ਹੈ, ਤੀਜਰੀ ਦੀ ਕਹਾਣੀ ਵੀ ਹੈ। ਭਗਵਾਨੁਵਾਚ - ਮੈਂ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਉਹ ਲੋਕ ਗੀਤਾ ਤੇ ਸੁਣਾਉਂਦੇ ਆਏ ਹਨ। ਫਿਰ ਰਾਜਾ ਕੌਣ ਬਣਿਆ? ਇਵੇਂ ਦਾ ਕੋਈ ਹੈ ਜੋ ਕਹੇ ਮੈਂ ਤੁਹਾਨੂੰ ਰਾਜਿਆਂ ਦਾ ਵੀ ਰਾਜਾ ਬਣਾਵਾਂਗਾ। ਮੈਂ ਆਪ ਨਹੀਂ ਬਣਾਂਗਾ? ਇਵੇਂ ਕਦੇ ਸੁਣਿਆ? ਇਹ ਇੱਕ ਹੀ ਬਾਪ ਹੈ ਜੋ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਬੱਚੇ ਜਾਣਦੇ ਹਨ ਇਥੇ ਬਾਗਵਾਨ ਦੇ ਕੋਲ ਰਿਫਰੈਸ਼ ਹੋਣ ਆਉਂਦੇ ਹਾਂ। ਮਾਲੀ ਵੀ ਬਣਦੇ ਹਨ, ਫੁੱਲ ਵੀ ਬਣਦੇ ਹਨ। ਮਾਲੀ ਤਾਂ ਜ਼ਰੂਰ ਬਣਨਾ ਹੈ। ਤਰ੍ਹਾਂ - ਤਰ੍ਹਾਂ ਦੇ ਮਾਲੀ ਹਨ। ਸਰਵਿਸ ਨਹੀਂ ਕਰਾਂਗੇ ਤਾਂ ਵਧੀਆ ਫੁੱਲ ਕਿਵੇਂ ਬਣਾਂਗੇ? ਹਰ ਇੱਕ ਆਪਣੇ ਦਿਲ ਤੋਂ ਪੁੱਛੇ ਕਿ ਮੈਂ ਕਿਸ ਤਰ੍ਹਾਂ ਦਾ ਫੁੱਲ ਹਾਂ? ਕਿਸ ਤਰ੍ਹਾਂ ਦਾ ਮਾਲੀ ਹਾਂ? ਬੱਚਿਆਂ ਨੂੰ ਵਿਚਾਰ ਸਾਗਰ ਮੰਥਨ ਕਰਨਾ ਪਵੇ। ਬ੍ਰਾਹਮਣੀਆਂ ਜਾਣਦੀਆਂ ਹਨ - ਮਾਲੀ ਵੀ ਕਿਸਮ - ਕਿਸਮ ਦੇ ਹੁੰਦੇ ਹਨ। ਕਈ ਵਧੀਆ - ਵਧੀਆ ਮਾਲੀ ਵੀ ਆਉਂਦੇ ਹਨ, ਜਿਨ੍ਹਾਂ ਦਾ ਬੜਾ ਵਧੀਆ ਬਗੀਚਾ ਹੁੰਦਾ ਹੈ। ਜਿਵੇਂ ਦਾ ਵਧੀਆ ਮਾਲੀ ਤਾਂ ਬਗੀਚਾ ਵੀ ਵਧੀਆ ਬਣਾਉਂਦੇ ਹਨ। ਵਧੀਆ - ਵਧੀਆ ਫੁੱਲ ਲੈ ਆਉਂਦੇ ਹਨ, ਜੋ ਵੇਖ ਦਿਲ ਖੁਸ਼ ਹੋ ਜਾਂਦਾ ਹੈ। ਕੋਈ - ਕੋਈ ਹਲਕੇ ਫ਼ੁੱਲ ਲੈ ਆਉਂਦੇ ਹਨ। ਬਾਗਵਾਨ ਸਮਝ ਜਾਂਦੇ ਹਨ ਇਹ ਕੀ - ਕੀ ਪਦ ਪਾਓਣਗੇ। ਹਾਲੇ ਤਾਂ ਸਮਾਂ ਪਿਆ ਹੋਇਆ ਹੈ। ਇੱਕ - ਇੱਕ ਕੰਡੇ ਨੂੰ ਫੁੱਲ ਬਣਾਉਨ ਵਿੱਚ ਮਿਹਨਤ ਲਗਦੀ ਹੈ। ਕਈ ਤਾਂ ਫੁੱਲ ਬਣਨਾ ਚਾਹੁੰਦੇ ਹੀ ਨਹੀਂ, ਕੰਡਾ ਹੀ ਪਸੰਦ ਕਰਦੇ ਹਨ। ਅੱਖਾਂ ਦੀ ਵ੍ਰਿਤੀ ਬੜੀ ਗੰਦੀ ਰਹਿੰਦੀ ਹੈ। ਇਥੇ ਆਉਂਦੇ ਹਨ ਤਾਂ ਵੀ ਉਨ੍ਹਾਂ ਵਿਚੋਂ ਖਸ਼ਬੂ ਨਹੀਂ ਆਉਂਦੀ। ਬਾਗਵਾਨ ਚਾਹੰਦੇ ਹਨ ਮੇਰੇ ਅੱਗੇ ਫੁੱਲ ਬੈਠੇ ਤਾਂ ਚੰਗਾ ਹੈ, ਜਿਸਨੂੰ ਵੇਖ ਖੁਸ਼ ਹੁੰਦਾ ਹਾਂ। ਵੇਖਦਾ ਹਾਂ ਕਿ ਵ੍ਰਿਤੀ ਇਵੇਂ ਦੀ ਹੈ ਤਾਂ ਉਸਤੇ ਨਜ਼ਰ ਵੀ ਨਹੀਂ ਪਾਉਂਦੇ ਹਨ, ਇਸਲਈ ਇੱਕ - ਇੱਕ ਨੂੰ ਵੇਖਦੇ ਹਨ, ਇਹ ਮੇਰੇ ਫੁੱਲ ਕਿਸ ਤਰ੍ਹਾਂ ਦੇ ਹਨ? ਕਿੰਨੀ ਖਸ਼ਬੂ ਦਿੰਦੇ ਹਨ? ਕੰਡਿਆਂ ਤੋਂ ਫੁੱਲ ਬਣੇ ਹਨ ਜਾਂ ਨਹੀਂ? ਹਰ ਇੱਕ ਖੁਦ ਵੀ ਸਮਝ ਸਕਦੇ ਹਨ ਅਸੀਂ ਕਿਥੋਂ ਤੱਕ ਫੁੱਲ ਬਣੇ ਹਾਂ? ਪੁਰਸ਼ਾਰਥ ਕਰਦੇ ਹਾਂ? ਬਾਰ - ਬਾਰ ਕਹਿੰਦੇ ਹਨ - ਬਾਬਾ ਅਸੀਂ ਤੁਹਾਨੂੰ ਭੁੱਲ ਜਾਂਦੇ ਹਾਂ। ਯੋਗ ਵਿੱਚ ਠਹਿਰ ਨਹੀਂ ਸਕਦੇ ਹਾਂ। ਅਰੇ, ਯਾਦ ਨਹੀਂ ਕਰੋਗੇ ਤਾਂ ਫੁੱਲ ਕਿਵੇਂ ਬਣੋਗੇ? ਯਾਦ ਕਰੋ ਤਾਂ ਪਾਪ ਕੱਟਣ ਤਾਂ ਫੁੱਲ ਬਣਕੇ ਫ਼ਿਰ ਦੂਸਰਿਆਂ ਨੂੰ ਵੀ ਫੁੱਲ ਬਣਾਓਗੇ, ਤਾਂ ਮਾਲੀ ਨਾਮ ਰੱਖ ਸਕਦੇ ਹਾਂ। ਬਾਬਾ ਮਾਲੀਆਂ ਦੀ ਮੰਗ ਕਰਦੇ ਰਹਿੰਦੇ ਹਨ। ਹੈ ਕੋਈ ਮਾਲੀ? ਕਿਓੰ ਨਹੀਂ ਮਾਲੀ ਬਣ ਸਕਦੇ ਹਾਂ? ਬੰਧਨ ਤਾਂ ਛੱਡਣਾ ਚਾਹੀਦਾ ਹੈ। ਅੰਦਰ ਵਿੱਚ ਜੋਸ਼ ਆਉਣਾ ਚਾਹੀਦਾ ਹੈ। ਸਰਵਿਸ ਦਾ ਉਮੰਗ ਰਹਿਣਾ ਚਾਹੀਦਾ ਹੈ। ਆਪਣੇ ਪੰਖ ਆਜ਼ਾਦ ਕਰਨ ਦੇ ਲਈ ਮਿਹਨਤ ਕਰਨੀ ਚਾਹੀਦੀ ਹੈ। ਜਿਸ ਵਿੱਚ ਬਹੁਤ ਪਿਆਰ ਹੈ, ਉਨ੍ਹਾਂ ਨੂੰ ਛੱਡਣਾ ਹੁੰਦਾ ਹੈ ਕੀ? ਬਾਪ ਦੀ ਸਰਵਿਸ ਦੇ ਲਈ ਜਦੋਂ ਤੱਕ ਫੁੱਲ ਬਣ ਹੋਰਾਂ ਨੂੰ ਨਹੀਂ ਬਣਾਇਆ ਹੈ ਤਾਂ ਉੱਚ ਪਦ ਕਿਵੇਂ ਪਾਵਾਂਗੇ? 21 ਜਨਮਾਂ ਦੇ ਲਈ ਉੱਚ ਪਦ ਹੈ। ਮਹਾਰਾਜੇ, ਰਾਜੇ, ਵੱਡੇ - ਵੱਡੇ ਸ਼ਾਹੂਕਾਰ ਵੀ ਹਨ। ਫ਼ਿਰ ਨੰਬਰਵਾਰ ਘੱਟ ਸ਼ਾਹੂਕਾਰ ਵੀ ਹਨ, ਪ੍ਰਜਾ ਵੀ ਹੈ। ਹੁਣ ਅਸੀਂ ਕੀ ਬਣੀਏ? ਜੋ ਹੁਣ ਪੁਰਸ਼ਾਰਥ ਕਰਨਗੇ ਉਹ ਕਲਪ - ਕਲਪਾਂਤਰ ਬਣਨਗੇ। ਹੁਣ ਪੂਰਾ ਜ਼ੋਰ ਲਗਾਕੇ ਪੁਰਸ਼ਾਰਥ ਕਰਨਾ ਪਵੇ। ਨਰ ਤੋਂ ਨਾਰਾਇਣ ਬਣਨਾ ਚਾਹੀਦਾ, ਜੋ ਚੰਗੇ ਪੁਰਸ਼ਾਰਥੀ ਹੋਣਗੇ ਉਹ ਅਮਲ ਕਰਨਗੇ। ਰੋਜ਼ ਦੀ ਆਮਦਨੀ ਅਤੇ ਘਾਟੇ ਨੂੰ ਵੇਖਣਾ ਹੁੰਦਾ ਹੈ। 12 ਮਹੀਨੇ ਦੀ ਗੱਲ ਨਹੀਂ, ਰੋਜ਼ ਆਪਣਾ ਘਾਟਾ ਅਤੇ ਵਾਧਾ ਕੱਢਣਾ ਚਾਹੀਦਾ ਹੈ। ਘਾਟਾ ਨਹੀਂ ਪਾਓਣਾ ਚਾਹੀਦਾ। ਨਹੀਂ ਤਾਂ ਥਰਡ ਕਲਾਸ ਬਣ ਜਾਵੋਗੇ। ਸਕੂਲ ਵਿੱਚ ਵੀ ਨੰਬਰਵਾਰ ਤਾਂ ਹੁੰਦੇ ਹਨ ਨਾ।

ਮਿੱਠੇ - ਮਿੱਠੇ ਬੱਚੇ ਜਾਣਦੇ ਹਨ - ਸਾਡਾ ਬੀਜ਼ ਹੈ ਬ੍ਰਿਖਪਤੀ, ਜਿਸਦੇ ਆਉਣ ਨਾਲ ਸਾਡੇ ਤੇ ਬ੍ਰਹਿਸਪਤੀ ਦੀ ਦਸ਼ਾ ਬੈਠਦੀ ਹੈ, ਫਿਰ ਰਾਵਣ ਰਾਜ ਆਉਂਦਾ ਹੈ ਤਾਂ ਰਾਹੂ ਦੀ ਦਸ਼ਾ ਬੈਠਦੀ ਹੈ। ਉਹ ਇੱਕਦਮ ਹਾਈਐਸਟ, ਇਹ ਇੱਕਦਮ ਲੋਐਸਟ। ਇੱਕਦਮ ਸ਼ਿਵਾਲੇ ਤੋਂ ਵੈਸ਼ਾਲਿਆ ਬਣਾ ਦਿੰਦੇ ਹਨ। ਹਾਲੇ ਤੁਹਾਡੇ ਬੱਚਿਆਂ ਤੇ ਹੈ ਬ੍ਰਹਿਸਪਤੀ ਦੀ ਦਸ਼ਾ। ਪਹਿਲੋਂ ਨਵਾਂ ਬ੍ਰਿਖ ਹੁੰਦਾ ਹੈ ਫ਼ਿਰ ਅੱਧੇ ਤੋਂ ਪੁਰਾਣਾ ਸ਼ੁਰੂ ਹੁੰਦਾ ਹੈ। ਬਾਗਵਾਨ ਵੀ ਹੈ, ਮਾਲੀ ਵੀ ਵਾਧੇ ਨੂੰ ਪਾਉਂਦੇ ਰਹਿੰਦੇ ਹਨ। ਬਾਗਵਾਨ ਕੋਲ ਲੈ ਆਉਂਦੇ ਹਨ। ਹਰੇਕ ਮਾਲੀ ਫੁੱਲ ਲੈ ਆਉਂਦੇ ਹਨ। ਕੋਈ ਤਾਂ ਇੰਨੇ ਚੰਗੇ ਫੁੱਲ ਲੈ ਆਉਂਦੇ ਹਨ ਕਿ ਤੜਫਦੇ ਹਨ ਬਾਬਾ ਕੋਲ ਜਾਈਏ। ਕਿਵ਼ੇਂ - ਕਿਵ਼ੇਂ ਯੁਕਤੀਆਂ ਦੇ ਨਾਲ ਬੱਚੀਆਂ ਆਉਂਦੀਆਂ ਹਨ। ਬਾਬਾ ਕਹਿੰਦੇ ਬੜਾ ਵਧੀਆ ਫੁੱਲ ਲਿਆਂਦਾ ਹੈ। ਭਾਵੇਂ ਮਾਲੀ ਸੈਕਿੰਡ ਕਲਾਸ ਹੈ, ਮਾਲੀ ਨਾਲੋਂ ਫੁੱਲ ਵਧੀਆ ਹੁੰਦੇ ਹਨ - ਤੜਫਦੇ ਹਨ ਸ਼ਿਵਬਾਬਾ ਦੇ ਕੋਲ ਜਾਈਏ, ਜੋ ਬਾਬਾ ਸਾਨੂੰ ਇਨ੍ਹਾਂ ਉੱਚ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਘਰ ਵਿੱਚ ਮਾਰ ਖਾਂਦੀਆਂ ਹਨ ਤਾਂ ਵੀ ਕਹਿੰਦਿਆਂ ਹਨ ਸ਼ਿਵਬਾਬਾ ਸਾਡੀ ਰੱਖਿਆ ਕਰੋ। ਉਨ੍ਹਾਂ ਨੂੰ ਹੀ ਸੱਚੀ ਦ੍ਰੋਪਦੀ ਕਿਹਾ ਜਾਂਦਾ ਹੈ। ਪਾਸਟ ਜੋ ਹੋ ਗਿਆ ਉਹ ਫਿਰ ਰਪੀਟ ਹੋਣਾ ਹੈ। ਕਲ ਪੁਕਾਰਿਆ ਸੀ ਨਾ, ਅੱਜ ਬਾਬਾ ਆਏ ਹਨ ਬਚਾਉਣ ਦੇ ਲਈ ਯੁਕਤੀਆਂ ਦੱਸਦੇ ਹਨ - ਐਵੇਂ - ਐਵੇਂ ਭੂੰ - ਭੂੰ ਕਰੋ। ਤੁਸੀਂ ਹੋ ਭ੍ਰਮਰੀਆਂ, ਉਹ ਹੈ ਕੀੜਾ। ਉਨ੍ਹਾਂ ਤੇ ਭੂੰ - ਭੂੰ ਕਰਦੇ ਰਹੋ। ਬੋਲੋ, ਭਗਵਾਨੁਵਾਚ - ਕਾਮ ਮਹਾਸ਼ਤਰੂ ਹੈ, ਉਸਨੂੰ ਜਿੱਤਣ ਨਾਲ ਵਿਸ਼ਵ ਦੇ ਮਾਲਿਕ ਬਣਦੇ ਹਾਂ। ਕਿਸੇ ਨਾ ਕਿਸੇ ਵਕ਼ਤ ਅਬਲਾਵਾਂ ਦੇ ਬੋਲ ਲਗ ਜਾਂਦੇ ਹਨ ਤਾਂ ਫ਼ਿਰ ਠੰਡੇ ਹੋ ਜਾਂਦੇ ਹਨ। ਕਹਿੰਦੇ ਹਨ - ਅੱਛਾ, ਭੁੱਲ ਜਾਵੋ। ਅਜਿਹਾ ਬਣਾਉਣ ਵਾਲੇ ਦੇ ਕੋਲ ਜਾਵੋ। ਮੇਰੀ ਤਕਦੀਰ ਵਿੱਚ ਨਹੀਂ ਹੈ ਤੁਸੀਂ ਤਾਂ ਜਾਵੋ। ਇਵੇਂ ਦ੍ਰੋਪਦੀਆਂ ਪੁਕਾਰਦੀਆਂ ਹਨ। ਬਾਬਾ ਲਿਖਦੇ ਹਨ ਭੂੰ - ਭੂੰ ਕਰੋ। ਕੋਈ - ਕੋਈ ਜਨਾਨੀਆਂ ਵੀ ਇਵੇਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਰੂਪਨਖਾ, ਪੂਤਨਾ ਕਿਹਾ ਜਾਂਦਾ ਹੈ। ਪੁਰਖ ਉਨ੍ਹਾਂ ਨੂੰ ਭੂੰ - ਭੂੰ ਕਰਦੇ ਹਨ, ਉਹ ਕੀੜਾ ਬਣ ਜਾਂਦੀਆਂ ਹਨ, ਵਿਕਾਰ ਬਿਨਾਂ ਰਹਿ ਨਹੀਂ ਸਕਦੀਆਂ। ਬਾਗਵਾਨ ਦੇ ਕੋਲ ਤਰ੍ਹਾਂ - ਤਰ੍ਹਾਂ ਦੇ ਆਉਂਦੇ ਹਨ, ਗੱਲ ਹੀ ਨਾ ਪੁੱਛੋ। ਕਈ - ਕਈ ਕੰਨਿਆਵਾਂ ਵੀ ਕੰਡਾ ਬਣ ਜਾਂਦੀਆਂ ਹਨ ਇਸ ਲਈ ਬਾਬਾ ਕਹਿੰਦੇ ਹਨ ਆਪਣੀ ਜਨਮਪੱਤਰੀ ਦੱਸੋ। ਬਾਪ ਨੂੰ ਸੁਣਾਵਾਂਗੇ ਨਹੀਂ, ਲੁਕਾਵਾਂਗੇ ਤਾਂ ਉਹ ਵਧਦੀ ਜਾਵੇਗੀ। ਝੂਠ ਚਲ ਨਾ ਸਕੇ। ਤੁਹਾਡੀ ਵ੍ਰਿਤੀ ਖ਼ਰਾਬ ਹੁੰਦੀ ਜਾਵੇਗੀ। ਬਾਪ ਨੂੰ ਸੁਣਾਉਣ ਨਾਲ ਤੁਸੀਂ ਬਚ ਜਾਵੋਗੇ। ਸੱਚ ਦੱਸਣਾ ਚਾਹੀਦਾ ਹੈ, ਨਹੀਂ ਤਾਂ ਬਿਲਕੁੱਲ ਮਹਾਰੋਗੀ ਬਣ ਜਾਵੋਗੇ। ਬਾਪ ਕਹਿੰਦੇ ਹਨ ਵਿਕਾਰੀ ਜੋ ਬਣਦੇ ਹਨ ਉਨ੍ਹਾਂ ਦਾ ਕਾਲਾ ਮੂੰਹ ਹੁੰਦਾ ਹੈ। ਪਤਿਤ ਮਤਲਬ ਕਾਲਾ ਮੂੰਹ। ਕ੍ਰਿਸ਼ਨ ਨੂੰ ਵੀ ਸ਼ਾਮ- ਸੁੰਦਰ ਕਹਿੰਦੇ ਹਨ। ਕ੍ਰਿਸ਼ਨ ਨੂੰ ਕਾਲਾ ਬਣਾ ਦਿੱਤਾ ਹੈ। ਰਾਮ ਨੂੰ, ਨਾਰਾਇਣ ਨੂੰ ਵੀ ਕਾਲਾ ਵਿਖਾਉਂਦੇ ਹਨ। ਮਤਲਬ ਕੁੱਝ ਵੀ ਨਹੀਂ ਸਮਝਦੇ ਹਨ। ਤੁਹਾਡੇ ਕੋਲ ਤਾਂ ਨਾਰਾਇਣ ਦਾ ਚਿੱਤਰ ਗੋਰਾ ਹੈ, ਤੁਹਾਡੀ ਤਾਂ ਇਹ ਏਮ ਆਬਜੈਕਟ ਹੈ। ਤੁਹਾਨੂੰ ਕਾਲਾ ਨਾਰਾਇਣ ਥੋੜ੍ਹੀ ਨਾ ਬਣਨਾ ਹੈ। ਇਹ ਮੰਦਿਰ ਜੋ ਬਣਾਏ ਹਨ, ਇਵੇਂ ਦੇ ਸਨ ਨਹੀਂ। ਵਿਕਾਰ ਵਿੱਚ ਡਿੱਗਣ ਨਾਲ ਫ਼ਿਰ ਕਾਲਾ ਮੂੰਹ ਹੋ ਜਾਂਦਾ ਹੈ। ਆਤਮਾ ਕਾਲੀ ਬਣ ਗਈ ਹੈ। ਆਇਰਨ ਏਜ਼ ਤੋਂ ਗੋਲਡਨ ਏਜ਼ ਵਿੱਚ ਜਾਣਾ ਹੈ। ਸੋਨੇ ਦੀ ਚਿੜੀਆ ਬਣਨਾ ਹੈ। ਕਾਲੀ ਕਲਕੱਤੇ ਵਾਲੀ ਕਹਿੰਦੇ ਹਨ। ਕਿੰਨੀ ਭਿਆਨਕ ਸ਼ਕਲ ਵਿਖਾਈ ਦਿੰਦੀ ਹੈ। ਗੱਲ ਨਾ ਪੁੱਛੋ। ਬਾਪ ਕਹਿੰਦੇ ਹਨ - ਬੱਚੇ, ਇਹ ਸਭ ਹੈ ਭਗਤੀ ਮਾਰਗ। ਹੁਣ ਤੁਹਾਨੂੰ ਤਾਂ ਗਿਆਨ ਮਿਲਿਆ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੇ ਪੰਖ ਆਜ਼ਾਦ ਕਰਨ ਦੀ ਮਿਹਨਤ ਕਰਨੀ ਹੈ, ਬੰਧਨਾਂ ਤੋਂ ਮੁਕਤ ਹੋ ਹੁਸ਼ਿਆਰ ਮਾਲੀ ਬਣਨਾ ਹੈ। ਕੰਡਿਆਂ ਨੂੰ ਫੁੱਲ ਬਣਾਉਣ ਦੀ ਸੇਵਾ ਕਰਨੀ ਹੈ

2. ਆਪਣੇ ਆਪ ਨੂੰ ਵੇਖਣਾ ਹੈ ਕਿ ਮੈਂ ਕਿੰਨਾ ਖੁਸ਼ਬੂਦਾਰ ਫੁੱਲ ਬਣਿਆ ਹਾਂ? ਮੇਰੀ ਵ੍ਰਿਤੀ ਸ਼ੁੱਧ ਹੈ? ਅੱਖਾਂ ਧੋਖਾ ਤਾਂ ਨਹੀਂ ਦਿੰਦੀਆਂ ਹਨ? ਆਪਣੀ ਚਾਲ - ਚਲਣ ਦਾ ਪੋਤਾਮੇਲ ਰੱਖ ਕਮੀਆਂ ਕੱਡਣੀਆਂ ਹਨ।

ਵਰਦਾਨ:-
ਸਵਰਾਜ ਅਧਿਕਾਰ ਦੇ ਨਸ਼ੇ ਅਤੇ ਨਿਸ਼ਚੇ ਨਾਲ ਸਦਾ ਸ਼ਕਤੀਸ਼ਾਲੀ ਬਣਨ ਵਾਲੇ ਸਹਿਯੋਗੀ, ਨਿਰੰਤਰ ਯੋਗੀ ਭਵ।

ਸਵਰਾਜ ਅਧਿਕਾਰੀ ਮਤਲਬ ਹਰ ਕਰਮਿੰਦ੍ਰਿਆ ਤੇ ਆਪਣਾ ਰਾਜ। ਕਦੇ ਸੰਕਲਪ ਵਿਚ ਵੀ ਕਰਮਿੰਦਰੀਆਂ ਧੋਖਾ ਨਾ ਦੇਣ। ਕੋਈ ਥੋੜ੍ਹਾ ਵੀ ਦੇਹ - ਅਭਿਮਾਨ ਆਇਆ ਤਾਂ ਜੋਸ਼ ਜਾਂ ਕ੍ਰੋਧ ਸਹਿਜ ਆ ਜਾਂਦਾ ਹੈ, ਲੇਕਿਨ ਜੋ ਸਵਰਾਜ ਅਧਿਕਾਰੀ ਹਨ ਉਹ ਸਦਾ ਨਿਰਹੰਕਾਰੀ, ਸਦਾ ਹੀ ਨਿਰਮਾਣ ਬਣ ਸੇਵਾ ਕਰਦੇ ਹਨ ਇਸਲਈ ਮੈਂ ਸਵਰਾਜ ਅਧਿਕਾਰੀ ਆਤਮਾ ਹਾਂ - ਇਸ ਨਸ਼ੇ ਅਤੇ ਨਿਸ਼ਚੇ ਨਾਲ ਸ਼ਕਤੀਸ਼ਾਲੀ ਬਣ ਮਾਇਅਜਿਤ ਸੋ ਜਗਤਜਿਤ ਬਣੋ ਤਾਂ ਸਹਿਜਯੋਗੀ, ਨਿਰੰਤਰ ਯੋਗੀ ਬਣ ਜਾਣਗੇ।

ਸਲੋਗਨ:-
ਲਾਈਟ ਹਾਊਸ ਬਣ ਮਨ - ਬੁੱਧੀ ਨਾਲ ਲਾਈਟ ਫੈਲਾਉਂਣ ਵਿਚ ਬਿਜੀ ਰਹੋ ਤਾਂ ਕਿਸੇ ਗੱਲ ਵਿਚ ਦੀ ਨਹੀਂ ਲੱਗੇਗਾ।